ਪੰਜਾਬ ਦੀ ਸੰਸਕ੍ਰਿਤੀ ਪੰਜਾਬ ਦੀ ਸੰਸਕ੍ਰਿਤੀ

ਵਿਰਸਾ

ਪੰਜਾਬ ਦਾ ਵਿਰਸਾ ਵਿਸ਼ਵ ਦੇ ਸਭ ਤੋਂ ਪੁਰਾਨ ਅਤੇ ਸਮਰਿੱਧ ਵਿਰਸਿਆਂ ਵਿਚੋਂ ਇਕ ਹੈ। ਇਸ ਦੀ ਵਿਭਿੰਨਤਾ ਅਤੇ ਵਿੱਲਖਣਤਾ ਦੀ ਝਲਕ ਪੰਜਾਬੀ ਕਵਿਤਾ, ਦਰਸ਼ਨ, ਅਧਿਆਤਮਿਕਤਾ, ਵਿਦਿਆ, ਕਲਾ, ਸੰਗੀਤ, ਭੋਜਨ ਸ਼ੈਲੀ, ਵਿਗਿਆਨ, ਤਕਨੀਕ, ਯੁੱਧ ਕਲਾ, ਸ਼ਿਲਪ ਕਲਾ, ਰਿਵਾਇਤਾਂ, ਕਦਰਾਂ-ਕੀਮਤਾਂ ਅਤੇ ਇਤਿਹਾਸ ਤੋਂ ਮਿਲਦੀ ਹੈ। ਪੰਜਾਬੀਆਂ ਦੀ ਜੀਵਨ ਸ਼ੈਲੀ ਵਿਚ ਸਰਬੱਤ ਦੇ ਭਲੇ ਅਤੇ ਸਦਾ ਚੜ੍ਹਦੀ ਕਲਾ ਵਿਚ ਰਹਿਣ ਦੇ ਜਜ਼ਬੇ ਨੂੰ ਨਜ਼ਰੋਂ ਓਹਲੇ ਨਹੀਂ ਕੀਤਾ ਜਾ ਸਕਦਾ। ਜਿੱਥੇ ਪੰਜਾਬੀਆਂ ਨੂੰ ਉਨ੍ਹਾਂ ਦੇ ਦ੍ਰਿੜ ਨਿਸ਼ਚੇ ਕਾਰਨ ਜਾਣਿਆ ਜਾਂਦਾ ਹੈ, ਉਨ੍ਹਾਂ ਦਾ ਵਿਰਸਾ ਪੁਰਾਤਨ ਸਭਿਆਤਾਵਾਂ ਦਾ ਬਹੁ-ਰੰਗੀ ਸਭਿਆਚਾਰ ਪੇਸ਼ ਕਰਦਾ ਹੈ। ਪੰਜਾਬ ਵਿਚ ਇਕ ਮਹਿਮਾਨ ਦੀ ਆਮਦ ਪ੍ਰਮਾਤਮਾ ਦੁਆਰਾ ਭੇਜੇ ਗਏ ਜੀਅ ਦੇ ਰੂਪ ਵਿਚ ਹੁੰਦੀ ਹੈ ਅਤੇ ਪੂਰੀ ਖਾਤਰਦਾਰੀ ਕੀਤੀ ਜਾਂਦੀ ਹੈ।

ਸਭਿਆਚਾਰ

ਪੰਜਾਬੀ ਦੁਸ਼ਹਿਰੇ, ਦੀਵਾਲੀ, ਵਿਸਾਖੀ ਆਦਿ ਵਰਗੇ ਅਨੇਕਾਂ ਧਾਰਮਿਕ ਅਤੇ ਰੁੱਤਾਂ ਅਨੁਸਾਰ ਤਿਉਹਾਰ ਮਨਾਉਂਦੇ ਹਨ। ਗੁਰੂ ਸਾਹਿਬਾਨਾਂ (ਸਿੱਖ ਧਰਮ ਦੇ ਦਸ ਧਾਰਮਿਕ ਆਗੂ) ਅਤੇ ਵਿਭਿੰਨ ਸੰਤਾਂ ਦੇ ਸਨਮਾਨ ਵਿਚ ਵੀ ਅਨੇਕਾਂ ਸਾਲਾਨਾ ਸਮਾਗਮ ਮਨਾਏ ਜਾਂਦੇ ਹਨ। ਹਰਮਨ ਪਿਆਰਾ ਭੰਗੜਾ, ਝੂਮਰ ਅਤੇ ਸੰਮੀ ਜਿਹੇ ਨਾਚ ਅਜਿਹੇ ਮੌਕਿਆਂ ਤੇ ਖੁਸ਼ੀ ਅਤੇ ਅਨੰਦ ਜਾਹਿਰ ਕਰਨ ਦੀ ਖਾਸ ਰੀਤ ਹਨ। ਪੰਜਾਬੀ ਰਵਾਇਤਾਂ ਵਿਚ ਗਿੱਧਾ ਇਕ ਹਾਸੇ ਅਤੇ ਮਜ਼ਾਕ ਭਰੀ ਗਾਇਕੀ ਅਤੇ ਨ੍ਰਿਤ ਕਲਾ ਹੈ ਜਿਸ ਦੀ ਪੇਸ਼ਕਾਰੀ ਇਸਤਰੀਆਂ ਵੱਲੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਗੁਰਮਤਿ ਸੰਗੀਤ, ਅਰਧ ਸ਼ਾਸਤਰੀ ਮੁਗਲ ਵੰਨਗੀਆਂ ਜਿਵੇਂ ਕਿ ਖਿਆਲ ਨ੍ਰਿਤ ਅਤੇ ਠੁਮਰੀ, ਗਜ਼ਲ ਅਤੇ ਕਵਾਲੀ ਆਦਿ ਵੀ ਮਸ਼ਹੂਰ ਹਨ।

ਕਾਵਿ-ਕਲਾ ਪੰਜਾਬੀ ਮਾਨਸਿਕਤਾ ਦੀ ਸਪੱਸ਼ਟ ਤਸਵੀਰ ਪੇਸ਼ ਕਰਦੀ ਹੈ। ਪੰਜਾਬੀ ਕਵਿਤਾ ਨੂੰ ਇਸ ਦੇ ਡੂੰਘੇ ਅਰਥਾਂ, ਖੂਬਸੂਰਤ, ਰੋਮਾਂਚਕ ਅਤੇ ਆਸ਼ਾਵਾਦੀ ਸ਼ਬਦਾਂ ਦੇ ਪ੍ਰਯੋਗ ਕਾਰਨ ਜਾਣਿਆ ਜਾਂਦਾ ਹੈ। ਪੰਜਾਬੀ ਕਵਿਤਾ ਅਤੇ ਸਾਹਿਤ ਕਿਰਤਾਂ ਦੀਆਂ ਕਈ ਰਚਨਾਵਾਂ ਦਾ ਦੁਨੀਆ ਭਰ ਵਿਚ ਕਈ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਜਾ ਰਿਹਾ ਹੈ। ਪੰਜਾਬੀ ਸਾਹਿਤ ਵਿਚ ਸਭ ਤੋਂ ਸਰਵਉੱਚ ਅਤੇ ਮਹੱਤਵਪੂਰਨ ਰਚਨਾ ਸਤਿਕਾਰਯੋਗ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ` ਹਨ। ਪੰਜਾਬੀ ਪੁਰਸ਼ਾਂ ਦੀ ਰਵਾਇਤੀ ਪੋਸ਼ਾਕ ਵਿਸ਼ੇਸ਼ ਤੌਰ ਤੇ ਮਸ਼ਹੂਰ ਮੁਕਤਸਰੀ ਸ਼ੈਲੀ ਦਾ ‘ਪੰਜਾਬੀ ਕੁਰਤਾ` ਅਤੇ ‘ਤਹਿਮਤ` ਹੈ ਜਿਸ ਦਾ ਸਥਾਨ ਅਜੋਕੇ ਪੰਜਾਬ ਵਿਚ ਹੁਣ ਕੁੜਤੇ ਪਜਾਮੇ ਨੇ ਲੈ ਲਿਆ ਹੈ। ਇਸਤਰੀਆਂ ਦੀ ਰਵਾਇਤੀ ਪੋਸ਼ਾਕ ਪੰਜਾਬੀ ਸਲਵਾਰ ਸੂਟ ਹੈ ਜਿਸ ਨੇ ਪੰਜਾਬੀ ਘੱਗਰੇ ਦਾ ਸਥਾਨ ਲਿਆ ਹੈ। ਪਟਿਆਲਾ ਸਲਵਾਰ ਵੀ ਕਾਫੀ ਮਸ਼ਹੂਰ ਹੈ।

ਭੋਜਨ ਸ਼ੈਲੀ

ਬਾਕੀ ਦੇ ਉਪ ਮਹਾਂਦੀਪ ਦੇ ਮੁਕਾਬਲੇ ਪੰਜਾਬ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਇਸ ਇਲਾਕੇ ਤੇ ਸਭਿਆਚਾਰ ਅਤੇ ਭੋਜਨ ਦੋਨਾਂ ਵਿਚ ਹੀ ਕੇਂਦਰੀ ਏਸ਼ਿਆਈ ਪ੍ਰਭਾਵ ਦਾ ਡੂੰਘਾ ਅਸਰ ਹੈ। ਪੰਜਾਬੀ ਭੋਜਨ ਆਪਣੇ ਖੇਤਰ ਵਿਚ ਦੁਨੀਆ ਵਿਚ ਸਿਰਮੌਰ ਹੈ! ਇੱਥੋਂ ਤੱਕ ਕਿ ਜਿੰਨੇ ਉਦਮੀਆਂ ਨੇ ਇਸ ਖੇਤਰ ਵਿਚ ਨਿਵੇਸ਼ ਕੀਤਾ ਉਨ੍ਹਾਂ ਨੇ ਇਸ ਦੀ ਲੋਕਪ੍ਰਿਯਤਾ ਕਾਰਨ ਖੂਬ ਦੌਲਤ ਕਮਾਈ। ‘ਸਰਸੋਂ ਦਾ ਸਾਗ` ਅਤੇ ‘ਮੱਕੀ ਦੀ ਰੋਟੀ` ਬਹੁਤ ਹੀ ਪਸੰਦ ਕੀਤੇ ਜਾਣ ਵਾਲੇ ਅਤੇ ਬਹੁਤ ਪ੍ਰਸਿੱਧ ਪਕਵਾਨ ਹਨ।

ਪੰਜਾਬ ਦੀ ਆਰਥਿਕਤਾ ਪ੍ਰਮੁੱਖ ਤੌਰ ਤੇ ਖੇਤੀਬਾੜੀ ਪ੍ਰਧਾਨ ਹੈ ਜਿਸ ਦੇ ਇਤਿਹਾਸਕ ਸਬੂਤ ਸਿੰਧੂ ਘਾਟੀ ਦੀ ਸਭਿਅਤਾ ਵਿਚ ਅੰਨ ਭੰਡਾਰਾਂ ਅਤੇ ਹੋਰ ਕਲਾਕ੍ਰਿਤੀਆਂ ਦੇ ਅਵਸ਼ੇਸ਼ਾਂ ਵਿਚ ਨਜ਼ਰ ਆਉਂਦੇ ਹਨ। ਦੁੱਧ ਉਤਪਾਦ, ਰੋਟੀਆਂ, ਦਾਲਾਂ, ਸਬਜ਼ੀਆਂ ਅਤੇ ਮੀਟ ਰਾਜ ਦੇ ਦਿਹਾਤੀ ਸੁਆਦ ਨੂੰ ਪ੍ਰਗਟਾਉਂਦੇ ਹਨ ਅਤੇ ਇਨ੍ਹਾਂ ਦਾ ਸੁਮੇਲ ਵਿਦੇਸ਼ਾਂ ਤੋਂ ਪ੍ਰੇਰਿਤ ਪਕਵਾਨਾਂ ਜਿਵੇਂ ਕਿ ਚੌਲ ਅਤੇ ਸ਼ੋਰਬੇ ਨਾਲ ਵੀ ਹੋਇਆ ਹੈ। ਫਲਸਰੂਪ ਪੰਜਾਬੀ ਭੋਜਨ ਸ਼ੈਲੀ ਦੇਸ਼ ਦੇ ਨਾਲ-ਨਾਲ ਦੁਨੀਆ ਵਿਚ ਸਭ ਤੋਂ ਪੌਸ਼ਟਿਕ ਹੈ। ਇਸ ਵਿਚ ਤਾਜੀਆਂ ਸਬਜੀਆਂ ਅਤੇ ਮੀਟ ਪਕਾਉਣ ਲਈ ਦੁੱਧ, ਦਹੀਂ, ਮੱਖਣ ਅਤੇ ਕਰੀਮ ਦੀ ਖੁਲ੍ਹ ਕੇ ਵਰਤੋਂ ਹੁੰਦੀ ਹੈ। ਇਸ ਤੋਂ ਇਲਾਵਾ ਸੁਆਦੀ ਚਿਕਨ ਅਤੇ ਮੀਟ ਬਨਾਉਣ ਲਈ ਪੰਜਾਬੀਆਂ ਨੇ ਉੱਤਰ ਪੱਛਮੀ ਭੋਜਨ ਸ਼ੈਲੀ ਅਤੇ ਮੁਗਲਈ ਪਕਵਾਨਾਂ ਦਾ ਸੁਮੇਲ ਕੀਤਾ ਹੈ। ਸਰਬ ਵਿਆਪੀ ‘ਤੰਦੂਰੀ ਚਿਕਨ` ਵੀ ਬਹੁਤ ਮਸ਼ਹੂਰ ਹੈ।

ਹਾਲਾਂਕਿ ਪੰਜਾਬ ਵਿਚ ਪਹਿਲੀ ਵਾਰ ਆਉਣ ਵਾਲਿਆਂ ਲਈ ਇਸ ਗੱਲ ਨੂੰ ਲੜ ਬੰਨ੍ਹਣਾ ਬਹੁਤ ਜ਼ਰੂਰੀ ਹੈ ਕਿ ਪੰਜਾਬ ਵਿਚ ਘੱਟ ਘਿਉ ਵਾਲੇ ਭੋਜਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਅਤੇ ਇੱਥੋਂ ਦੇ ਅਣਖੀਲੇ ਅਤੇ ਦਰਿਆਦਿਲ ਲੋਕਾਂ ਤੇ ਇਸ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਉਨ੍ਹਾਂ ਦੀ ਸ਼ਾਨਦਾਰ ਗਰਮਜੋਸ਼ੀ ਅਤੇ ਮਹਿਮਾਨ ਨਿਵਾਜ਼ੀ ਇਹ ਸੁਨਿਸ਼ਚਿਤ ਕਰਦੀ ਹੈ ਕਿ ਜੋ ਕੋਈ ਵੀ ਇਸ ਧਰਤੀ ਤੇ ਕਦਮ ਰੱਖੇ ਉਸ ਦੀ ਰੱਜ ਕੇ ਖਾਤਰਦਾਰੀ ਹੋਵੇ। ਵਾਸਤਵ ਵਿਚ ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਆਰੰਭੀ ਗਈ ਲੰਗਰ ਦੀ ਪ੍ਰਥਾ ਇਸ ਵਿਸ਼ਵਾਸ ਤੇ ਅਧਾਰਿਤ ਹੈ ਕਿ ਸਮੁਦਾਇਕ ਭਾਈਚਾਰੇ ਲਈ ਭੋਜਨ ਇਕ ਕੇਂਦਰ ਬਿੰਦੂ ਹੈ। ਉਸ ਸਮੇਂ ਤੋਂ ਇਹ ਸਮੂਹ ਗੁਰਦੁਆਰਿਆਂ ਦੀ ਇਕ ਸ਼ਾਨਦਾਰ ਰਵਾਇਤ ਹੈ ਜਿੱਥੇ ਸਭ ਧਰਮਾਂ ਦੇ ਸ਼ਰਧਾਲੂ ਭੋਜਨ ਤਿਆਰ ਕਰਨ ਅਤੇ ਵਰਤਾਉਣ ਵਿਚ ਹਿੱਸਾ ਲੈਂਦੇ ਹਨ।