ਪੰਜਾਬ ਬਾਰੇ ਪੰਜਾਬ ਬਾਰੇ

ਪੰਜਾਬ ਰਾਜ ਭਾਰਤ ਦੇ ਉੱਤਰ-ਪੱਛਮ ਵੱਲ ਹੈ ਅਤੇ ਭਾਰਤ ਦੇ ਸਭ ਤੋਂ ਵੱਧ ਖੁਸ਼ਹਾਲ ਸੂਬਿਆਂ ਵਿਚੋਂ ਇਕ ਹੈ।

ਪੰਜਾਬ ਦੋ ਸ਼ਬਦਾਂ ਦਾ ਮੇਲ ਹੈ ‘ਪੰਜ +ਆਬ` ਭਾਵ ‘ਪੰਜ ਪਾਣੀਆਂ ਦੀ ਧਰਤੀ`। ਇਹ ਪੰਜ ਦਰਿਆ ਹਨ ਸਤੁਲਜ, ਬਿਆਸ, ਰਾਵੀ, ਚਿਨਾਬ ਅਤੇ ਜੇਹਲਮ। ਅਜੋਕੇ ਪੰਜਾਬ ਵਿਚ ਕੇਵਲ ਸਤੁਅਲਜ, ਰਾਵੀ ਅਤੇ ਬਿਆਸ ਹੀ ਵਗਦੇ ਹਨ| ਬਾਕੀ ਦੇ ਦੋ ਦਰਿਆ ਪਾਕਿਸਤਾਨ ਵਿਚ ਸਥਿਤ ਪੰਜਾਬ ਵਿਚ ਹਨ। ਪੰਜਾਬ ਰਾਜ ਤਿੰਨ ਇਲਾਕਿਆਂ ਵਿਚ ਵੰਡਿਆ ਹੋਇਆ ਹੈ : ਮਾਝਾ, ਦੋਆਬਾ ਅਤੇ ਮਾਲਵਾ।

ਖੇਤੀਬਾੜੀ ਪੰਜਾਬ ਦੀ ਆਰਥਿਕਤਾ ਦਾ ਮੁੱਖ ਅਧਾਰ ਹੈ। ਹੋਰ ਪ੍ਰਮੁੱਖ ਉਦਯੋਗਾਂ ਵਿਚ ਵਿਗਿਆਨਕ ਉਪਕਰਣਾਂ, ਬਿਜਲੀ ਦਾ ਸਮਾਨ, ਵਿੱਤੀ ਸੇਵਾਵਾਂ, ਮਸ਼ੀਨੀ ਔਜ਼ਾਰਾਂ, ਕੱਪੜਾ ਉਦਯੋਗ, ਸਿਲਾਈ ਮਸ਼ੀਨਾਂ ਆਦਿ ਸ਼ਾਮਲ ਹਨ।

ਸੁਤੰਤਰਤਾ ਉਪਰੰਤ 1947 ਵਿਚ ਪਿਛੜਣ ਦੇ ਬਾਵਜੂਦ ਵੀ ਪੰਜਾਬ ਨੇ ਮਹੱਤਵਪੂਰਣ ਆਰਥਿਕ ਵਿਕਾਸ ਕੀਤਾ ਹੈ। ਇਹ ਦੇਸ਼ ਵਿਚ ਅਨਾਜ ਦੇ ਕੁਲ ਉਤਪਾਦਨ ਵਿਚ ਲਗਭਗ ਦੋ ਤਿਹਾਈ ਅਤੇ ਦੁੱਧ ਵਿਚ ਇਕ ਤਿਹਾਈ ਦਾ ਯੋਗਦਾਨ ਪਾਉਂਦਾ ਹੈ। ਇਹ ਕਣਕ ਦਾ ਇਕ ਪ੍ਰਮੁੱਖ ਉਤਪਾਦਕ ਹੈ ਅਤੇ ਰਾਸ਼ਟਰੀ ਖੁਰਾਕ ਸੁਰੱਖਿਆ ਵਿਚ ਯੋਗਦਾਨ ਪਾਉਂਦਾ ਹੈ। ਹਰੀ ਕ੍ਰਾਂਤੀ (ਖੇਤੀਬਾੜੀ ਨਾਲ ਸਬੰਧਤ ਇਕ ਵੱਡਾ ਕਦਮ) ਨੂੰ ਪੰਜਾਬ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਭਾਵੇਂ ਪੰਜਾਬੀ ਭਾਰਤ ਦੀ ਅਬਾਦੀ ਦਾ 2.5 ਪ੍ਰਤੀਸ਼ਤ ਤੋਂ ਵੀ ਘੱਟ ਹਨ ਪਰ ਭਾਰਤ ਦਾ ਸਭ ਤੋਂ ਖੁਸ਼ਹਾਲ ਵਰਗ ਹਨ। ਉਨ੍ਹਾਂ ਦੀ ਪ੍ਰਤੀ ਜੀਅ ਆਮਦਨ ਕੌਮੀ ਔਸਤ ਤੋਂ ਦੁੱਗਣੀ ਹੈ।

ਭਾਰਤ ਵਿਚ ਪੰਜਾਬ ਦੇ ਬੁਨਿਆਦੀ ਢਾਂਚੇ ਨੂੰ ਸਰਵੋਤਮ ਮੰਨਿਆ ਜਾਂਦਾ ਹੈ; ਇਸ ਵਿਚ ਸੜਕ, ਰੇਲ, ਹਵਾਈ ਅਤੇ ਜਲ ਆਵਾਜਾਈ ਮਾਰਗ ਸ਼ਾਮਲ ਹਨ ਜੋ ਸਮੁੱਚੇ ਇਲਾਕੇ ਵਿਚ ਫੈਲੇ ਹੋਏ ਹਨ।ਭਾਰਤ ਵਿਚ ਸਭ ਤੋਂ ਘੱਟ ਗਰੀਬੀ ਦਰ ਵੀ ਪੰਜਾਬ ਵਿਚ ਹੀ ਹੈ ਅਤੇ ਭਾਰਤ ਸਰਕਾਰ ਵੱਲੋਂ ਸੰਕਲਿਤ ਅੰਕੜਿਆਂ ਦੇ ਅਧਾਰ ਤੇ ਇਸ ਨੂੰ ਸਰਵੋਤਮ ਰਾਜ ਕਾਰਗੁਜਾਰੀ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ।

ਭਾਰਤ ਦੀ 2011 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਦੀ ਕੁੱਲ ਅਬਾਦੀ 2,77,43,338 ਹੈ। ਇਕ ਦਹਾਕੇ ਵਿਚ ਭਾਵ 2001 ਤੋਂ 2011 ਦੌਰਾਨ ਅਬਾਦੀ ਵਿਚ 13.89% ਦਾ ਵਾਧਾ ਹੋਇਆ ਹੈ।

 

ਭੂਗੌਲਿਕ ਖੇਤਰ
ਰਾਜ ਦਾ ਕੁੱਲ ਖੇਤਰ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਹੈ ਜਿਸ ਵਿਚ ਖੇਤੀ ਯੋਗ ਖੇਤਰ ਸੁਨਿਸ਼ਚਿਤ ਸਿੰਚਾਈ ਅਧੀਨ ਹੈ। ਸਮੁੰਦਰੀ ਸਤਹਾ ਤੋਂ ਇਸ ਦੀ ਔਸਤ ਉਚਾਈ 300 ਮੀਟਰ (980 ਫ਼ੁੱਟ) ਹੈ 180 ਮੀਟਰ (590 ਫ਼ੁੱਟ) ਦੱਖਣ-ਪਛੱਮ ਵੱਲ ਅਤੇ 500 ਮੀਟਰ (1600 ਫ਼ੁੱਟ) ਤੋਂ ਵੱਧ ਉੱਤਰ-ਪੂਰਬੀ ਸੀਮਾ ਤੱਕ ਫ਼ੈਲੀ ਹੈ।

 

ਸਥਿਤੀ
ਪੰਜਾਬ ਵਿਥਕਾਰ 29.300 ਉੱਤਰ ਤੋਂ 32.320 ਉੱਤਰ ਅਤੇ ਲੰਬਕਾਰ 73.550 ਪੂਰਬ ਤੋਂ 76.500 ਪੂਰਬ ਵਿਚ ਫੈਲਿਆ ਹੋਇਆ ਹੈ।

ਪੰਜਾਬ ਦੇ ਪੱਛਮ ਵੱਲ ਪਾਕਿਸਤਾਨ, ਉੱਤਰ ਵੱਲ ਜੰਮੂ-ਕਸ਼ਮੀਰ, ਉੱਤਰ-ਪੂਰਬ ਵੱਲ ਹਿਮਾਚਲ ਪ੍ਰਦੇਸ਼ ਅਤੇ ਦੱਖਣ ਵੱਲ ਹਰਿਆਣਾ ਅਤੇ ਰਾਜਸਥਾਨ ਹੈ।

 

ਆਬੋ ਹਵਾ
ਰਾਜ ਵਿਚ ਗਰਮੀਆਂ ਵਿਚ ਉੱਚ ਤਾਪਮਾਨ, ਮਾਨਸੋਨ ਦੌਰਾਨ ਮੀਂਹ ਅਤੇ ਸਰਦੀਆਂ ਵਿਚ ਠੰਡ ਦਾ ਸੰਤੁਲਿਤ ਮੇਲ ਹੈ। ਤਿੰਨੋ ਮੌਸਮ ਇਨੇਂ ਸਪਸ਼ੱਟ ਰੂਪ ਨਾਲ ਵੰਡੇ ਹੋਏ ਹਨ ਕਿ ਤੁਸੀਂ ਇਨ੍ਹਾਂ ਦਾ ਅਲੱਗ-ਅਲੱਗ ਅਨੰਦ ਮਾਣ ਸਕਦੇ ਹੋ। ਪੰਜਾਬ ਤੀਬਰ ਗਰਮੀ ਅਤੇ ਠੰਡ ਦੋਹਾਂ ਦਾ ਅਨੁਭਵ ਕਰਦਾ ਹੈ। ਇਥੇ ਮੀਂਹ ਵੀ ਕਾਫ਼ੀ ਪੈਂਦਾ ਹੈ ਜਿਸ ਨਾਲ ਰਾਜ ਦੀ ਧਰਤੀ ਬਹੁਤ ਉਪਜਾਊ ਬਣਦੀ ਹੈ| ਹਿਮਾਲਾ ਦੀਆਂ ਪਹਾੜੀਆਂ ਦੇ ਨਜ਼ਦੀਕੀ ਇਲਾਕਿਆਂ ਵਿਚ ਭਾਰੀ ਬਰਸਾਤ ਹੁੰਦੀ ਹੈ ਜਦੋਂ ਕਿ ਪਹਾੜੀਆਂ ਤੋਂ ਦੂਰ ਦੇ ਖੇਤਰਾਂ ਵਿਚ ਘੱਟ ਬਰਸਾਤ ਹੁੰਦੀ ਹੈ ਅਤੇ ਤਾਪਮਾਨ ਜ਼ਿਆਦਾ ਹੁੰਦਾ ਹੈ।

ਅਪ੍ਰੈਲ ਦੇ ਮੱਧ ਤੋਂ ਜੂਨ ਦੇ ਅਖੀਰ ਤੱਕ ਦੇ ਮਹੀਨੇ ਗਰਮੀ ਦੇ ਹਨ। ਜੁਲਾਈ ਦੇ ਅਰੰਭ ਤੋਂ ਸਤੰਬਰ ਅੰਤ ਤੱਕ ਪੰਜਾਬ ਵਿਚ ਬਰਸਾਤੀ ਮੌਸਮ ਹੁੰਦਾ ਹੈ। ਅਕਤੂਬਰ ਦਾ ਮਹੀਨਾ ਸਰਦੀ ਦੇ ਅਰੰਭ ਦਾ ਪ੍ਰਤੀਕ ਹੈ। ਦਸੰਬਰ ਦੇ ਮਹੀਨੇ ਤੋਂ ਠੰਡ ਬਹੁਤ ਵੱਧ ਜਾਂਦੀ ਹੈ। ਇਸੇ ਅਰਸੇ ਦੌਰਾਨ, ਪੰਜਾਬ ਦੇ ਜ਼ਿਆਦਾਤਰ ਪ੍ਰਮੁੱਖ ਤਿਉਹਾਰ, ਜਿਵੇਂ ਕਿ ਲੋਹੜੀ, ਹੋਲਾ ਮਹੱਲਾ, ਦੀਵਾਲੀ ਅਤੇ ਦੁਸਹਿਰਾ ਆਉਂਦੇ ਹਨ। ਪੰਜਆਬ ਆਉਣ ਦਾ ਸਭ ਤੋਂ ਵਧੀਆ ਸਮਾਂ ਅਕਤੂਬਰ ਤੋਂ ਲੈ ਕੇ ਮਾਰਚ ਦੇ ਅੰਤ ਤੱਕ ਹੈ।

 

ਭਾਸ਼ਾ
ਰਾਜ ਦੀ ਸਰਕਾਰੀ ਭਾਸ਼ਾ, ਪੰਜਾਬੀ ਦੁਨੀਆਂ ਵਿਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿਚ ਦਸਵੇਂ ਸਥਾਨ ਤੇ ਹੈ। ਏਸ਼ੀਆ ਵਿਚ ਇਹ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿਚ ਚੌਥੇ ਸਥਾਨ ਤੇ ਹੈ। ਭਾਰਤੀ-ਯੂਰੋਪੀ ਭਾਸ਼ਾਵਾਂ ਵਿਚ ਕੇਵਲ ਇਹੀ ਇਕ ਜੀਵੰਤ ਭਾਸ਼ਾ ਹੈ ਜੋ ਪੂਰਨ ਤੌਰ ਤੇ ਸ੍ਵਰਾਤਮਕ ਭਾਸ਼ਾ ਹੈ। ਪੰਜਾਬੀ ਗੁਰਮੁਖੀ ਲਿਪੀ ਵਿਚ ਲਿਖੀ ਜਾਂਦੀ ਹੈ। ਪੰਜਾਬੀ ਤੋਂ ਇਲਾਵਾ ਪੰਜਾਬ ਵਿਚ ਹਿੰਦੀ, ਉਰਦੂ ਅਤੇ ਵਿਸ਼ਵ ਭਰ ਵਿਚ ਜਾਣੀ ਜਾਂਦੀ ਅੰਗਰੇਜ਼ੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ।

 

ਰਾਜਧਾਨੀ
ਚੰਡੀਗੜ੍ਹ ਸੰਘ ਖੇਤਰ ਹੈ ਜੋ ਪੰਜਾਬ ਅਤੇ ਹਰਿਆਣਾ ਰਾਜਾਂ ਦੀ ਸਾਂਝੀ ਰਾਜਧਾਨੀ ਹੈ| ਇਹ ਸੁਤੰਤਰਤਾ ਉਪਰੰਤ ਭਾਰਤ ਦੇ ਅਰੰਭ ਵਿਚ ਹੀ ਯੋਜਨਾਬੱਧ ਕੀਤੇ ਸ਼ਹਿਰਾਂ ਵਿਚੋਂ ਇੱਕ ਹੈ। ਸ਼ਿਵਾਲਿਕ ਦੀ ਤਲਹੱਟੀ ਦੇ ਰਮਣੀਕ ਨਜ਼ਾਰਿਆਂ ਵਿਚ ਵੱਸੇ ਇਸ ਸ਼ਹਿਰ ਨੂੰ ਭਾਰਤ ਵਿਚ ਵੀਹਵੀਂ ਸਦੀ ਦੀ ਸ਼ਹਿਰੀ ਯੋਜਨਾਬੰਦੀ ਅਤੇ ਆਧੁਨਿਕ ਵਾਸਤੂ ਦੇ ਸਰਵੋਤਮ ਪ੍ਰਯੋਗਾਂ ਵਜੋਂ ਜਾਣਿਆ ਜਾਂਦਾ ਹੈ। ਚੰਡੀਗੜ੍ਹ ਜੋ ਕਿ, ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸ੍ਰੀ ਜਵਾਹਰ ਲਾਲ ਨਹਿਰੂ ਜੀ ਦੇ ਸੁਪਨਿਆਂ ਦਾ ਸ਼ਹਿਰ ਸੀ, ਦੀ ਯੋਜਨਾਬੰਦੀ ਪ੍ਰਸਿੱਧ ਫਰਾਂਸੀਸੀ ਵਾਸਤੂਕਾਰ ਲੀ ਕਾਰਬੂਜ਼ੀਅਰ ਵੱਲੋਂ ਕੀਤੀ ਗਈ ਸੀ।

ਸ਼ਹਿਰ ਦਾ ਨੀਂਹ ਪੱਥਰ 1952 ਵਿਚ ਰੱਖਿਆ ਗਿਆ। ਮਾਰਚ 1948 ਵਿਚ ਪੰਜਾਬ ਸਰਕਾਰ ਨੇ ਭਾਰਤ ਸਰਕਾਰ ਨਾਲ ਸਲਾਹ ਮਸ਼ਵਰਾ ਕਰਦੇ ਹੋਏ ਨਵੀਂ ਰਾਜਧਾਨੀ ਲਈ ਸ਼ਿਵਾਲਿਕ ਦੀ ਤਲਹੱਟੀ ਦੇ ਇਲਾਕੇ ਨੂੰ ਪ੍ਰਵਾਨਗੀ ਦਿੱਤੀ। ਜ਼ਿਲ੍ਹਾ ਅੰਬਾਲਾ ਦੇ 1892-93 ਦੇ ਗਜ਼ਟੀਅਰ ਅਨੁਸਾਰ ਸ਼ਹਿਰ ਦਾ ਇਲਾਕਾ ਸਾਬਕਾ ਅੰਬਾਲਾ ਜ਼ਿਲ੍ਹੇ ਦਾ ਭਾਗ ਸੀ। ਬਾਅਦ ਵਿਚ ਮਿਤੀ 1-11-1966 ਨੂੰ ਰਾਜ ਦੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚ ਪੁਨਰਗਠਨ ਤੋਂ ਬਾਅਦ ਸ਼ਹਿਰ ਨੂੰ ਪੰਜਾਬ ਅਤੇ ਹਰਿਆਣਾ ਦੋਵੇਂ ਰਾਜਾਂ ਦੀ ਰਾਜਧਾਨੀ ਹੋਣ ਦਾ ਵਿਲੱਖਣ ਦਰਜਾ ਪ੍ਰਾਪਤ ਹੋਇਆ ਜਦੋਂ ਕਿ ਇਸ ਨੂੰ ਕੇਂਦਰੀ ਸਰਕਾਰ ਦੇ ਸਿੱਧੇ ਨਿਯੰਤ੍ਰਣ ਅਧੀਨ ਸੰਘ ਖੇਤਰ ਘੋਸ਼ਿਤ ਕੀਤਾ ਗਿਆ।

 

ਸ਼ਹਿਰ  / ਕਸਬੇ
ਪੰਜਾਬ ਵਿਚ 22 ਜ਼ਿਲ੍ਹੇ ਅਤੇ ਕੁੱਲ 168 ਵਿਧਾਨਕ ਕਸਬੇ ਅਤੇ 69 ਮਰਦਮਸ਼ੁਮਾਰੀ ਕਸਬੇ ਹਨ| ਇਸ ਤਰ੍ਹਾਂ ਪੰਜਾਬ ਵਿਚ ਕੁੱਲ 237 ਕਸਬੇ (ਜਾਂ ਸ਼ਹਿਰ) ਹਨ। ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿਚ ਮੁਹਾਲੀ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਅਤੇ ਜਲੰਧਰ ਸ਼ਾਮਲ ਹਨ।

ਸਿੰਧੂ ਘਾਟੀ ਦੀ ਸੱਭਿਆਤਾ ਜੋ ਦੁਨੀਆ ਦੀ ਪਹਿਲੀ ਅਤੇ ਸਭ ਤੋਂ ਪੁਰਾਣੀਆਂ ਸਭਿਆਤਾਵਾਂ ਵਿਚੋਂ ਇਕ ਹੈ, ਉਹ ਜ਼ਿਆਦਾਤਰ ਪੰਜਾਬ ਦੇ ਇਲਾਕੇ ਦੇ ਆਲੇ ਦੁਆਲੇ ਘੁੰਮਦੀ ਹੈ ਜਿਸ ਵਿਚ  ਹੜੱਪਾ ਅਤੇ ਮੋਹਨਜੋਦਾੜੋ ਦੇ ਪੁਰਾਤਨ ਸ਼ਹਿਰ ਹਨ ਜੋ ਕਿ ਅਜੋਕੇ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸਥਿਤ ਹੈ।